ਸੇਵਾ ਵਿੱਚ,
ਕਮਿਸ਼ਨਰ ਸਾਹਿਬ,
ਮਿਉਂਸੀਪਲ ਕਾਰਪੋਰੇਸ਼ਨ, ਜਲੰਧਰ।
ਵਿਸ਼ਾ: ਜਲੰਧਰ ਸ਼ਹਿਰ ਵਿੱਚ ਸੀਵਰੇਜ ਜਾਮ, ਬਰਸਾਤ ਦੌਰਾਨ ਪਾਣੀ ਭਰਨ, ਸਫ਼ਾਈ ਪ੍ਰਬੰਧਾਂ ਦੀ ਨਾਕਾਮੀ ਅਤੇ ਪ੍ਰਸ਼ਾਸਨਿਕ ਲਾਪਰਵਾਹੀ ਸਬੰਧੀ ਸਖ਼ਤ ਸ਼ਿਕਾਇਤ।
ਸ਼੍ਰੀ ਮਾਨ ਜੀ,
ਬੜੇ ਦੁੱਖ ਅਤੇ ਗੰਭੀਰ ਚਿੰਤਾ ਨਾਲ ਇਹ ਪੱਤਰ ਲਿਖਣਾ ਪੈ ਰਿਹਾ ਹੈ ਕਿ ਜਲੰਧਰ ਸ਼ਹਿਰ ਦੇ ਲੋਕ ਅੱਜ ਸੀਵਰੇਜ ਜਾਮ, ਗੰਦਗੀ, ਟੁੱਟੇ ਹੋਏ ਨਿਕਾਸੀ ਪ੍ਰਬੰਧ ਅਤੇ ਬਰਸਾਤ ਦੌਰਾਨ ਪਾਣੀ ਭਰਨ ਦੀ ਭਿਆਨਕ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਕੱਲ੍ਹ ਪਈ ਕੇਵਲ ਅੱਧੇ ਘੰਟੇ ਦੀ ਬਾਰਿਸ਼ ਨੇ ਮਿਉਂਸੀਪਲ ਕਾਰਪੋਰੇਸ਼ਨ ਦੇ ਦਾਅਵਿਆਂ ਦੀ ਅਸਲੀਅਤ ਲੋਕਾਂ ਸਾਹਮਣੇ ਰੱਖ ਦਿੱਤੀ ਹੈ।
ਸ਼ਹਿਰ ਦੀਆਂ ਮੁੱਖ ਸੜਕਾਂ, ਬਾਜ਼ਾਰਾਂ, ਗਲੀਆਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਇਸ ਕਦਰ ਭਰ ਗਿਆ ਕਿ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ। ਕਈ ਥਾਵਾਂ ‘ਤੇ ਸੀਵਰੇਜ ਦਾ ਗੰਦਾ ਪਾਣੀ ਘਰਾਂ ਅਤੇ ਦੁਕਾਨਾਂ ਵਿੱਚ ਦਾਖ਼ਲ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਆਰਥਿਕ ਨੁਕਸਾਨ ਦੇ ਨਾਲ-ਨਾਲ ਸਿਹਤ ਸੰਬੰਧੀ ਖ਼ਤਰੇ ਦਾ ਵੀ ਸਾਹਮਣਾ ਕਰਨਾ ਪਿਆ। ਇਹ ਹਾਲਤ ਸਿਰਫ਼ ਇੱਕ ਕੁਦਰਤੀ ਬਰਸਾਤ ਦਾ ਨਤੀਜਾ ਨਹੀਂ, ਸਗੋਂ ਪ੍ਰਸ਼ਾਸਨ ਦੀ ਨਾਕਾਮੀ, ਲਾਪਰਵਾਹੀ ਅਤੇ ਕਮਜ਼ੋਰ ਯੋਜਨਾਬੰਦੀ ਦਾ ਸਿੱਧਾ ਸਬੂਤ ਹੈ।
ਤੁਹਾਡੇ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਸੀਵਰੇਜ ਸਫ਼ਾਈ, ਵਾਧੂ ਕਰਮਚਾਰੀਆਂ ਦੀ ਤਾਇਨਾਤੀ, ਮਾਨਸੂਨ ਨਾਲ ਨਜਿੱਠਣ ਲਈ ਖ਼ਾਸ ਪ੍ਰਬੰਧ ਅਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਆਧੁਨਿਕ ਮਸ਼ੀਨਾਂ ਖਰੀਦਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਰਹੇ ਹਨ। ਪਰ ਹਕੀਕਤ ਇਹ ਹੈ ਕਿ ਸਿਰਫ਼ ਅੱਧੇ ਘੰਟੇ ਦੀ ਬਾਰਿਸ਼ ਨੇ ਇਹ ਸਾਰੇ ਦਾਅਵੇ ਪੂਰੀ ਤਰ੍ਹਾਂ ਖੋਖਲੇ ਅਤੇ ਨਾਕਾਮ ਸਾਬਤ ਕਰ ਦਿੱਤੇ ਹਨ। ਲੋਕ ਪੁੱਛਣ ਲਈ ਮਜਬੂਰ ਹਨ ਕਿ ਜੇਕਰ ਪ੍ਰਬੰਧ ਪੂਰੇ ਸਨ ਤਾਂ ਸ਼ਹਿਰ ਡੁੱਬਣ ਦੀ ਨੌਬਤ ਕਿਉਂ ਆਈ?
ਇਸ ਤੋਂ ਇਲਾਵਾ ਲੋਕਾਂ ਵਿੱਚ ਇਹ ਵੀ ਚਰਚਾ ਹੈ ਕਿ ਹਾਰੇ ਹੋਏ ਆਮ ਆਦਮੀ ਪਾਰਟੀ ਦੇ ਕਈ ਉਮੀਦਵਾਰਾਂ ਨੂੰ 3-3 ਸੀਵਰਮੈਨ ਤਾਇਨਾਤ ਕੀਤੇ ਗਏ ਹਨ। ਜੇਕਰ ਇਹ ਸੱਚ ਹੈ ਤਾਂ ਇਹ ਬਹੁਤ ਹੀ ਗੰਭੀਰ ਅਤੇ ਚਿੰਤਾਜਨਕ ਮਾਮਲਾ ਹੈ। ਸਵਾਲ ਇਹ ਉੱਠਦਾ ਹੈ ਕਿ ਜਦੋਂ ਸ਼ਹਿਰ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਨਾਲ ਜੂਝ ਰਿਹਾ ਸੀ ਤਾਂ ਇਹ ਕਰਮਚਾਰੀ ਕਿੱਥੇ ਸਨ? ਕੀ ਸਰਕਾਰੀ ਕਰਮਚਾਰੀਆਂ ਨੂੰ ਜਨਤਾ ਦੀ ਸੇਵਾ ਦੀ ਬਜਾਏ ਰਾਜਨੀਤਿਕ ਪ੍ਰਭਾਵ ਹੇਠ ਵਰਤਿਆ ਜਾ ਰਿਹਾ ਹੈ? ਇਸ ਮਾਮਲੇ ਦੀ ਨਿਰਪੱਖ ਜਾਂਚ ਬਹੁਤ ਜ਼ਰੂਰੀ ਹੈ।
ਹਾਲੇ ਤਾਂ ਮਾਨਸੂਨ ਦੀ ਸ਼ੁਰੂਆਤ ਵੀ ਨਹੀਂ ਹੋਈ ਅਤੇ ਇੱਕ ਛੋਟੀ ਬਾਰਿਸ਼ ਨੇ ਸ਼ਹਿਰ ਦੀ ਹਾਲਤ ਬੇਹਾਲ ਕਰ ਦਿੱਤੀ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਲਗਾਤਾਰ ਬਰਸਾਤ ਹੋਈ ਤਾਂ ਜਲੰਧਰ ਦੇ ਹਾਲਾਤ ਕਿੰਨੇ ਖ਼ਤਰਨਾਕ ਹੋ ਸਕਦੇ ਹਨ, ਇਸਦਾ ਅੰਦਾਜ਼ਾ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ। ਲੋਕਾਂ ਵਿੱਚ ਡਰ ਅਤੇ ਗੁੱਸਾ ਹੈ ਕਿ ਕਿਤੇ ਅਜਿਹੀ ਸਥਿਤੀ ਨਾ ਬਣ ਜਾਵੇ ਕਿ ਉਨ੍ਹਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਮਜਬੂਰ ਹੋਣਾ ਪਵੇ।
ਇਸ ਲਈ ਆਪ ਜੀ ਕੋਲੋਂ ਸਖ਼ਤ ਮੰਗ ਕੀਤੀ ਜਾਂਦੀ ਹੈ ਕਿ:
1.ਸ਼ਹਿਰ ਦੇ ਸਮੂਹ ਸੀਵਰੇਜ ਸਿਸਟਮ ਦੀ ਤੁਰੰਤ ਅਤੇ ਜੰਗੀ ਪੱਧਰ ‘ਤੇ ਸਫ਼ਾਈ ਕਰਵਾਈ ਜਾਵੇ।
2.ਸੀਵਰੇਜ ਸਫ਼ਾਈ ਲਈ ਖਰੀਦੀਆਂ ਗਈਆਂ ਮਸ਼ੀਨਾਂ ਦੀ ਮੌਜੂਦਾ ਸਥਿਤੀ, ਉਪਯੋਗਤਾ ਅਤੇ ਖ਼ਰਚੇ ਦਾ ਪੂਰਾ ਵੇਰਵਾ ਜਨਤਕ ਕੀਤਾ ਜਾਵੇ।
3.ਤਾਇਨਾਤ ਸੀਵਰਮੈਨਾਂ ਦੀ ਡਿਊਟੀ, ਹਾਜ਼ਰੀ ਅਤੇ ਕਾਰਗੁਜ਼ਾਰੀ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।
4.ਬਰਸਾਤ ਦੌਰਾਨ ਪਾਣੀ ਭਰਨ ਅਤੇ ਸੀਵਰੇਜ ਜਾਮ ਹੋਣ ਲਈ ਜ਼ਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਵਾਬਦੇਹੀ ਤੈਅ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।ਮਾਨਸੂਨ ਤੋਂ ਪਹਿਲਾਂ ਠੋਸ ਅਤੇ ਪ੍ਰਭਾਵਸ਼ਾਲੀ ਯੋਜਨਾ ਜਨਤਕ ਕਰਕੇ ਲੋਕਾਂ ਨੂੰ ਭਰੋਸਾ ਦਿੱਤਾ ਜਾਵੇ ਕਿ ਭਵਿੱਖ ਵਿੱਚ ਅਜਿਹੀ ਸਥਿਤੀ ਦੁਬਾਰਾ ਪੈਦਾ ਨਹੀਂ ਹੋਵੇਗੀ।
ਜੇਕਰ ਇਸ ਗੰਭੀਰ ਮਾਮਲੇ ਨੂੰ ਤੁਰੰਤ ਹੱਲ ਕਰਨ ਲਈ ਕੋਈ ਢੁੱਕਵਾਂ ਕਦਮ ਨਾ ਚੁੱਕਿਆ ਗਿਆ ਤਾਂ ਸ਼ਹਿਰ ਵਾਸੀਆਂ ਵਿੱਚ ਰੋਸ ਹੋਰ ਵੱਧੇਗਾ ਅਤੇ ਲੋਕ ਜਨਤਕ ਪੱਧਰ ‘ਤੇ ਆਪਣੀ ਆਵਾਜ਼ ਉਠਾਉਣ ਲਈ ਮਜਬੂਰ ਹੋਣਗੇ।
ਉਮੀਦ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਧੰਨਵਾਦ।
ਮਨਜੀਤ ਸਿੰਘ ਟੀਟੂ ,ਕੌਂਸਲਰ ਵਾਰਡ ਨੰ-50 ਅਤੇ ਨੇਤਾ ਵਿਰੋਧੀਧਿਰ ,ਨਗਰ ਨਿਗਮ,ਜਲੰਧਰ
Jalandhar MCJ ‘ਆਪ’ ਦੇ ਹਾਰੇ ਉਮੀਦਵਾਰਾਂ ਨੂੰ 3-3 ਸੀਵਰਮੈਨ, ਪਰ ਜਨਤਾ ਰੱਬ ਆਸਰੇ: ਮਨਜੀਤ ਸਿੰਘ ਟੀਟੂ
byDaily Report News
-
0
